ਗੁਰਦੁਆਰਾ ਫਰੀਮੌਟ ਵਿਚ ਮੱਧਕਾਲੀ ਚੋਣਾਂ ਹੋਣ ਦੇ ਆਸਾਰ

ਗੁਰਦੁਆਰਾ ਫਰੀਮੌਟ ਵਿਚ ਮੱਧਕਾਲੀ ਚੋਣਾਂ ਹੋਣ ਦੇ ਆਸਾਰ

ਜਨਰਲ ਬਾਡੀ ਮੀਟਿੰਗ 17 ਮਾਰਚ ਨੂੰ
ਫਰੀਮੌਂਟ/ਬਿਊਰੋ ਨਿਊਜ਼ : ਗੁਰਦੁਆਰਾ ਸਾਹਿਬ ਫਰੀਮੌਂਟ ਪਿਛਲੀ ਮਾਰਚ ਤੋਂ ਸੁਪਰੀਮ ਕੌਸਲ ਦੀ ਚੋਣ ਤੋਂ ਬਾਅਦ ਵੱਖ ਵੱਖ ਧੜਿਆਂ ਵਿਚ ਪ੍ਰਬੰਧ ਨੂੰ ਲੈ ਕੇ ਖਿੱਚੋਤਾਣ ਚੱਲਦੀ ਆ ਰਹੀ ਹੈ। 2012 ਵਿਚ ਗੁਰਦੁਆਰਾ ਸਾਹਿਬ ਦਾ ਮਾਹੌਲ ਸੁਖਾਵਾਂ ਬਣਾਉਣ ਲਈ ਵੱਡੇ ਧੜਿਆਂ ਨੇ ਰਲ ਕੇ ਸਿੱਖ ਪੰਚਾਇਤ ਬਣਾ ਲਈ ਸੀ ਪਰ ਇਸ ਸਾਲ ਭਾਈ ਗੁਰਮੀਤ ਸਿੰਘ ਧੜੇ ਨੇ ਸਿੱਖ ਪੰਚਾਇਤ ਤੋਂ ਕਿਨਾਰਾ ਕਰਕੇ ਬਾਸਾ ਦੇ ਕੁੱਝ ਮੈਂਬਰਾਂ ਨਾਲ ਸਾਂਝ ਪਾ ਲਈ ਅਤੇ ਜਿਸ ਕਾਰਨ ਗੁਰਦੁਆਰੇ ਵਿਚ ਮਾਹੌਲ ਵਿਗੜਨ ਲੱਗਾ। 23 ਨਵੰਬਰ ਨੂੰ ਇਨ੍ਹਾਂ ਦੇ ਧੜੇ ਦੇ ਦਰਸ਼ਨ ਸੰਧੂ ਨੇ ਦੀਵਾਨ ਹਾਲ ਵਿੱਚ ਹੀ ਕੰਵਲਜੀਤ ਸਿੰਘ ਦੇ ਸਿਰ ਵਿੱਚ ਸਿਰੀ ਸਾਹਿਬ ਨਾਲ ਵਾਰ ਕਰ ਦਿੱਤੇ ਸੀ ਜਿਸਤੋਂ ਬਾਅਦ ਮਾਹੌਲ ਲਗਾਤਾਰ ਵਿਗੜਦਾ ਚਲਾ ਜਾ ਰਿਹਾ ਹੈ। ਉਸ ਘਟਨਾ ਦੀ ਮੁਆਫੀ ਮੰਗਣ ਦੀ ਬਜਾਏ ਇਹ ਧੜੇ ਵੱਲੋਂ ਸਿੱਖ ਪੰਚਾਇਤ ਦੇ ਮੈਂਬਰਾਂ ਨੂੰ ਚੈਲੰਜ ਕਰਕੇ ਬਦਮਾਸ਼ੀ ਫੈਲਾਈ ਜਾ ਰਹੀ ਹੈ। ਇਸ ਸਾਰੀ ਸਥਿਤੀ ਦਾ ਜਾਇਜ਼ਾ ਲੈਂਦੇ ਹੋਏ ਤੇ ਗੁਰਦੁਆਰਾ ਸਾਹਿਬ ਦਾ ਮਾਹੌਲ ਸੁਖਾਵਾਂ ਬਣਾਉਣ ਲਈ ਪ੍ਰਬੰਧਕੀ ਕਮੇਟੀ ਨੇ 17 ਮਾਰਚ ਨੂੰ ਜਨਰਲ ਬਾਡੀ ਸੱਦ ਕੇ ਫੈਸਲਾ ਸਾਧ ਸੰਗਤ ਤੇ ਛੱਡ ਦਿੱਤਾ ਹੈ। 
ਸੁਪਰੀਮ ਕੌਂਸਲ ਵਿਚ ਖਾਲਸਾ ਧੜੇ ਦਾ ਇਕ ਮੈਂਬਰ ਹੈ ਪਰ ਦੋ ਸੁਪਰੀਮ ਕੌਂਸਲ ਮੈਂਬਰ ਸਿੱਖ ਪੰਚਾਇਤ ਛੱਡ ਕੇ ਇਨ੍ਹਾਂ ਨਾਲ ਜਾ ਰਲੇ। ਸੁਪਰੀਮ ਕੌਸਲ ਵੱਲੋਂ ਗੁਰਦੁਆਰਾ ਸਾਹਿਬ ਦੇ ਦਿਨ-ਬ-ਦਿਨ ਕੰਮ ਚਲਾਉਣ  ਲਈ ਵਲੋਂ 84 ਮੈਂਬਰੀ ਕਮੇਟੀ ਬਣਾਈ ਗਈ ਸੀ ਅਤੇ ਉਸ ਨੇ ਤਣਾਅਪੂਰਨ ਮਾਹੌਲ ਦੇਖਦੇ ਹੋਏ ਸਾਧ ਸੰਗਤ ਨੂੰ ਇਸ ਦਾ ਹੱਲ ਕੱਢਣ ਲਈ ਜਨਰਲ ਬਾਡੀ ਸੱਦ ਲਈ ਹੈ ਜੋ ਕਿ 17 ਮਾਰਚ ਨੂੰ ਹੈ। ਜਨਰਲ ਬਾਡੀ ਨੇ ਸਿਰਫ਼ ਇਹੀ ਫੈਸਲਾ ਕਰਨਾ ਹੈ ਕਿ ਮੱਧਕਾਲੀ ਚੋਣਾਂ ਕਰਾਉਣੀਆਂ ਹਨ ਜਾਂ ਨਹੀਂ? 
ਭਾਈ ਜਸਵਿੰਦਰ ਸਿੰਘ ਜੰਡੀ ਇਸ ਕਮੇਟੀ ਦੇ ਪ੍ਰਧਾਨ ਹਨ ਅਤੇ ਪ੍ਰਧਾਨ ਦੀ ਦੇਖ ਰੇਖ ਵਿਚ ਹੀ ਜਨਰਲ ਬਾਡੀ ਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਸੁਪਰੀਮ ਕੌਂਸਲ ਦਾ ਸਿਧਾਂਤ ਪੰਜ ਪਿਆਰਿਆਂ ਦੇ ਸਿਧਾਂਤ ਤੋਂ ਸੇਧ ਲੈ ਕੇ ਬਣਿਆ ਹੈ ਤੇ ਇਸ ਵਿਚ ਹਰ ਫੈਸਲਾ ਸਰਬਸੰਮਤੀ ਨਾਲ ਹੀ ਹੁੰਦਾ ਹੈ। ਜਿਵੇਂ ਗੁਰਮੱਤ ਸਿਧਾਂਤ ਵਿਚ 'ਪੰਜ ਪਿਆਰੇ' ਬਹੁਸੰਮਤੀ ਨਾਲ ਫੈਸਲਾ ਨਹੀਂ ਲੈ ਸਕਦੇ, ਇਸੇ ਤਰਾਂ ਗੁਰਦੁਆਰਾ ਬਾਈਲਾਜ਼ ਵਿਚ ਵੀ ਸੁਪਰੀਮ ਕੌਂਸਲ ਬਹੁਸੰਮਤੀ ਨਾਲ ਫੈਸਲਾ ਨਹੀਂ ਲੈ ਸਕਦੀ। ਵੈਸੇ ਵੀ ਸੁਪਰੀਮ ਕੌਂਸਲ ਦਾ ਮੁੱਖ ਕੰਮ ਕਮੇਟੀ ਬਣਾਉਣਾ ਹੁੰਦਾ ਹੈ ਤੇ ਕਮੇਟੀ ਨੇ ਪ੍ਰਬੰਧ ਚਲਾਉਣਾ ਹੁੰਦਾ ਹੈ। ਇਸ ਲਈ ਪ੍ਰਬੰਧਕ ਕਮੇਟੀ ਨੇ ਫੈਸਲਾ ਕੀਤਾ ਹੈ ਕਿ ਇਹ ਫੈਸਲਾ ਸੰਗਤ ਤੋਂ ਹੀ ਲੈ ਲਿਆ ਜਾਵੇ ਤਾਂ ਜੋ ਕਿਸੇ ਨਾਲ ਪੱਖਪਾਤ ਨਾ ਹੋ ਸਕੇ। ਉਨ੍ਹਾਂ ਨੇ ਸੰਗਤ ਨੂੰ ਬੇਨਤੀ ਕੀਤੀ ਕਿ 17 ਮਾਰਚ ਨੂੰ ਜਨਰਲ ਬਾਡੀ ਵਿਚ ਆ ਕੇ ਵੋਟਾਂ ਪਾਓ ਤਾਂ ਜੋ ਚੋਣਾਂ ਕਰਾਈਆਂ ਜਾ ਸਕਣ।